ਨਵੀਂ ਦਿੱਲੀ : ਏਅਰ ਇੰਡੀਆ ਦਾ ਇਕ ਜਹਾਜ਼ ਸਿੰਗਾਪੁਰ 'ਚ ਫਸੇ ਭਾਰਤੀਆਂ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਏਅਰਲਾਈਨ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 234 ਯਾਤਰੀਆਂ ਨੂੰ ਲੈ ਕੇ ਇੱਥੇ ਪਹੁੰਚਿਆ ਹੈ। ਇਹ ਜਹਾਜ਼ ਵੰਦੇ ਭਾਰਤ ਮਿਸ਼ਨ ਦਾ ਹਿੱਸਾ ਹੈ, ਜੋ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਘਰ ਵਾਪਸ ਲਿਆਉਣ ਲਈ ਵੀਰਵਾਰ ਨੂੰ ਸ਼ੁਰੂ ਕੀਤਾ ਗਿਆ ਸੀ। ਏਅਰਲਾਈਨ ਦੇ ਇਕ ਅਧਿਕਾਰੀ ਨੇ ਕਿਹਾ, ''ਏਅਰ ਇੰਡੀਆ ਦਾ ਬੀ-787 ਜਹਾਜ਼ 234 ਯਾਤਰੀਆਂ ਨੂੰ ਲੈ ਕੇ ਕਰੀਬ 11.45 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰਿਆ।'' ਦੇਸ਼ 'ਚ 25 ਮਾਰਚ ਤੋਂ ਲਾਗੂ ਲਾਕਡਾਊਨ ਤੋਂ ਬਾਅਦ ਸਾਰੀਆਂ ਤੈਅ ਵਪਾਰਕ ਯਾਤਰੀ ਜਹਾਜ਼ ਸੇਵਾਵਾਂ 'ਤੇ ਰੋਕ ਰਹਿਣ ਕਾਰਨ ਹਵਾਬਾਜ਼ੀ ਖੇਤਰ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।